ਚੱਕੀ
(Chakki, Quern, hand-operated millstone)
ਅਸੀਂ ਸਾਰੇ ਰੋਟੀ ਖਾਂਦੇ ਹਾਂ । ਪਰ ਸ਼ਾਇਦ ਅਸੀਂ ਕਦੇ ਸੋਚਿਆ ਨਹੀਂ ਕਿ ਇਹ ਆਟਾ ਕਿਧਰੋਂ ਆਂਉਂਦਾ ਹੈ । ਇਹ ਆਟਾ ਚੱਕੀ ਰਾਹੀਂ ਤਿਆਰ ਕੀਤਾ ਜਾਂਦਾ ਹੈ । ਬੇਸ਼ਕ ਹੁਣ ਕਾਫੀ ਸਮੇਂ ਤੋਂ ਆਟਾ ਮਸ਼ੀਨੀ ਚੱਕੀਆਂ ਨਾਲ ਤਿਆਰ ਕੀਤਾ ਜਾਂਦਾ ਹੈ, ਇੱਕ ਸਮਾਂ ਸੀ ਜਦੋਂ ਇਹ ਕੰਮ ਹੱਥ ਚੱਕੀਆਂ ਨਾਲ ਕੀਤਾ ਜਾਂਦਾ ਸੀ । ਅਤੇ ਅੱਜ ਵੀ ਕਈ ਪਿੰਡਾਂ ਵਿੱਚ, ਆਟਾ ਭਾਂਵੇ ਨ ਸਹੀ, ਪਸ਼ੁਆਂ ਲਈ ਦਲੀਆ ਹੱਥ ਚੱਕੀ ਨਾਲ ਤਿਆਰ ਕੀਤਾ ਜਾਂਦਾ ਹੇ ।ਪਰਮਾਤਮਾ ਵਾਹਿਗੁਰੂ ਅਗਮ, ਅਗੋਚਰ, ਅਗਾਹ, ਅਥਾਹ ਅਤੇ ਅਲਖ ਹੈ, ਸੂਖਮ ਹੈ । ਅਤੇ ਉਹ ਅਨੁਭਵ ਦਾ ਵਿਸ਼ਾ ਹੈ । ਪਰ ਉਸ ਦੀਆਂ ਬਾਤਾਂ ਸਥੂਲ ਵਸਤੂਆਂ ਰਾਹੀਂ ਸਮਝਾਈਆਂ ਜਾਂਦੀਆਂ ਹਨ ਯਾਂ ਫਿਰ ਉਹ ਉਦਾਹਰਣ ਦੱਸੇ ਜਾਂਦੇ ਹਨ ਜਿਹਨਾਂ ਤੋਂ ਅਸੀਂ ਪਹਿਲਾਂ ਹੀ ਜਾਣੂ ਹੁੰਦੇ ਹਾਂ ।
ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਚੱਕੀ ਅਤੇ ਚੱਕੀ ਦੇ ਪੁੜਾਂ ਦਾ ਦ੍ਰਿਸ਼ਟਾਂਤ ਵਰਤਿਆ ਗਇਆ ਹੈ ।
ਆਓ ਦੇਖੀਏ ਇਹਨਾਂ ਉਦਾਹਰਣਾਂ ਰਾਹੀਂ ਸਾਨੂੰ ਕੀ ਸਿੱਖਨ ਨੂੰ ਮਿਲਦਾ ਹੈ ।
“ਪੀਸਣ ਆਇ ਬਹਿਠੁ”
ਦੁਇ ਪੁੜ ਚਕੀ ਜੋੜਿ ਕੈ ਪੀਸਣ ਆਇ ਬਹਿਠੁ ।।
ਜੁ ਦਰਿ ਰਹੇ ਸੁ ਉਬਰੇ ਨਾਨਕ ਅਜਬੁ ਡਿਠੁ ।। ( ਅੰਕ : ੧੪੨)
ਅਰਥਾਤ: ਚੱਕੀ ਦੇ ਦੋਨੋ ਪੁੜਾਂ ਨੂੰ ਜੋੜ ਕੇ ਕੋਈ ਪ੍ਰਾਣੀ ਕਣਕ, ਜਵਾਰ ਆਦਿ ਦੇ ਦਾਣੇ ਪੀਸਣ ਲਈ ਬੈਠਦਾ ਹੈ । ਹੇ ਨਾਨਕ! ਇਸ ਕ੍ਰਿਆ ਵਿੱਚ ਇੱਕ ਬੜਾ ਹੀ ਅਜੀਬ ਅਤੇ ਵਿਸਮਾਦੀ ਤਮਾਸ਼ਾ ਜੋ ਦੇਖਣ ਨੂੰ ਮਿਲਦਾ ਹੈ, ਉਹ ਇਹ ਹੈ ਕਿ ਜਿਹੜੇ ਦਾਣੇ ਦਰ (ਕਿੱਲੀ) ਨਾਲ ਜੁੜੇ ਰਹਿਂਦੇ ਹਨ ਉਹ ਪੀਸੇ ਨਹੀਂ ਜਾਂਦੇ ਬਲਕਿ ਸਬੂਤੇ ਰਹਿ ਜਾਂਦੇ ਹਨ ।
ਸੋ ਗੁਰੂ ਸਾਹਿਬ ਚੱਕੀ ਦੇ ਉਦਾਹਰਣ ਰਾਹੀਂ ਉਪਦੇਸ਼ ਕਰ ਰਹੇ ਹਨ ਕਿ ਜੇਕਰ ਮਨੁੱਖ ਆਪਣੇ ਮੂਲ, ਸਿਰਜਣਹਾਰ ਪ੍ਰਮਾਤਮਾ ਰੂਪੀ ਦਰ (ਕਿੱਲੀ) ਨਾਲ ਜੁੜਿਆ ਰਹੇ, ਉਸਦਾ ਸਿਮਰਨ ਕਰੇ, ਉਸਨੂੰ ਹਿਰਦੇ ਵਿੱਚ ਵਸਾ ਕੇ ਰੱਖੇ ਤੇ ਉਹ ਵਿਕਾਰਾਂ ਰੂਪੀ ਪੁੜਾਂ ਵਿੱਚ ਨਹੀਂ ਪਿਸੇਗਾ । ਆਪਣੇ ਮਾਲਿਕ (ਦਰ) ਨਾਲ ਜੁੜਿਆ ਰਹਿਣ ਕਰਕੇ ਉਹ ਸਦਾ ਹੀ ਸਬੂਤਾ (ਸੁਖੀ) ਰਹੇਗਾ ।